Nagar Kirtan

ਨਗਰ ਕੀਰਤਨ – 25 ਅਪ੍ਰੈ਼ਲ 2020, ਦਿਨ ਸ਼ਨਿਚਰਵਾਰ

ਗੁਰੂ ਪਿਆਰੀ ਸਾਧ ਸੰਗਤ ਜੀ,

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।।
ਹਰ ਸਾਲ ਦੀ ਤਰ੍ਹਾਂ ਵਾਹਿਗੁਰੂ ਦੀ ਅਪਾਰ ਬਖਸਿ਼ਸ਼ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਖਾਲਸੇ ਦੇ ਜਨਮ ਦਿਹਾੜੇ ਸਬੰਧੀ ਸਰੀ `ਚ ਨਿਕਲਣ ਵਾਲੇ ਨਗਰ ਕੀਰਤਨ ਦਾ ਆਯੋਜਨ 25 ਅਪ੍ਰੈ਼ਲ ਦਿਨ ਸ਼ਨਿਚਰਵਾਰ ਨੂੰ ਕੀਤਾ ਗਿਆ ਹੈ। ਇੰਨੇ ਵੱਡੇ ਕਾਰਜ ਦੀ ਸਫਲਤਾ ਲਈ ਸੰਗਤ ਦੇ ਸਹਿਯੋਗ ਦੀ ਬਹੁਤ ਲੋੜ ਹੈ, ਇਸ ਲਈ ਕੁਝ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਆਸ ਹੈ ਕਿ ਇਨ੍ਹਾਂ ਬੇਨਤੀਆਂ `ਤੇ ਅਮਲ ਕਰਕੇ ਸੇਵਾਦਾਰਾਂ ਨੂੰ ਧੰਨਵਾਦੀ ਬਣਾਓਂਗੇੇ:

 

1. ਨਗਰ ਕੀਰਤਨ ਮੌਕੇ ਸਕਿਓਰਟੀ, ਪ੍ਰਬੰਧ ਅਤੇ ਸਾਫ-ਸਫਾਈ ਲਈ ਵਾਲੰਟੀਅਰ ਵੀਰਾਂ-ਭੈਣਾਂ ਦੀ ਜ਼ਰੂਰਤ ਹੈ। ਅੱਜ ਹੀ ਸੇਵਾ ਲਈ ਆਪਣਾ ਨਾਮ ਲਿਖਵਾਉਣ ਵਾਸਤੇ ਮੋਨਿੰਦਰ ਸਿੰਘ ਨਾਲ 604-724-7264 `ਤੇ ਗਿਆਨ ਸਿੰਘ ਗਿੱਲ ਨਾਲ 604-518-6150 `ਤੇ ਜਾਂ ਗੁਰਦੁਆਰਾ ਸਾਹਿਬ 604-594-2574 `ਤੇ ਸੰਪਰਕ ਕਰੋ। ਗੁਰਦੁਆਰਾ ਸਾਹਿਬ ਦੀ ਹੱਦ `ਚ ਟੈਂਟ ਲਗਵਾਉਣ ਲਈ ਜਸਰਾਜ ਸਿੰਘ ਸਮਰਾ ਨਾਲ 778-321-8012 `ਤੇ ਸੰਪਰਕ ਕਰੋ। ਫਲੋਟ ਲਗਵਾਉਣ ਲਈ ਜਾਂ ਸਪੌਂਸਰਸਿ਼ਪ ਅਤੇ ਸੁਝਾਵਾਂ ਲਈ ਪਰਵਕਾਰ ਸਿੰਘ ਦੂਲੇ ਨਾਲ 604-833-4550 ਜਾਂ ਈਮੇਲ pary@hotmail.com `ਤੇ ਸੰਪਰਕ ਕਰ ਸਕਦੇ ਹੋ। ਮੁੱਖ ਸਟੇਜ ਨਾਲ ਸਬੰਧਿਤ ਕਾਰਜਾਂ ਲਈ ਮਨਜੀਤ ਸਿੰਘ ਧਾਮੀ ਹੁਰਾਂ ਨਾਲ 604-812-3931 ਜਾਂ ਜਸਵੀਰ ਸਿੰਘ ਨਾਲ 778-862-4966 `ਤੇ ਸੰਪਰਕ ਕਰੋ। ਨਗਰ ਕੀਰਤਨ ਦੇ ਰੂਟ `ਤੇ ਲੰਗਰ ਲਗਾਉਣ ਵਾਲੇ ਸੇਵਾਦਾਰ ਸਿਹਤ ਮਹਕਿਮੇ ਨਾਲ ਸਬੰਧਿਤ ਅਰਜ਼ੀਆਂ ਗੁਰਦੁਆਰਾ ਸਾਹਿਬ ਤੋਂ ਵੀ ਪ੍ਰਾਪਤ ਕਰ ਸਕਦੇ ਹਨ।

 

2. ਬੇਨਤੀ ਹੈ ਕਿ ਨਗਰ ਕੀਰਤਨ `ਚ ਸ਼ਾਮਲ ਸਭ ਸੰਗਤਾਂ ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ ਅਤੇ ਕੇਸਰੀ ਰੁਮਾਲ ਸਜਾ ਕੇ ਆਉਣ ਤਾਂ ਕਿ ਸਮੁੱਚੀ ਫਿਜ਼ਾ ਨੂੰ ਖਾਲਸਈ ਰੰਗ `ਚ ਰੰਗਿਆ ਜਾ ਸਕੇ। ਬੇਨਤੀ ਹੈ ਕਿ ਨਗਰ ਕੀਰਤਨ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਰਤ ਕੇ ਸ਼ਾਮਲ ਨਾ ਹੋਇਆ ਜਾਵੇ।

 

3. ਆਪਣੇ ਬੱਚਿਆਂ ਅਤੇ ਵਡੇਰੀ ਉਮਰ ਦੇ ਬਜ਼ੁਰਗਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਨਗਰ ਕੀਰਤਨ `ਚ ਗੁਆਚੇ ਬੱਚਿਆਂ ਨੂੰ ਨਜ਼ਦੀਕੀ ਪੁਲਿਸ ਅਫਸਰ ਦੇ ਸਪੁਰਦ ਕੀਤਾ ਜਾਵੇ।

 

4. ਨਗਰ ਕੀਰਤਨ `ਚ ਸ਼ਾਮਲ ਹੋਏ ਗੈਰ ਸਿੱਖਾਂ ਦਾ ਪੂਰਾ ਸਤਿਕਾਰ ਕਰਦਿਆਂ ਜੇ ਹੋ ਸਕੇ ਤਾਂ ਉਨਾਂ੍ਹ ਨੂੰ ਨਗਰ ਕੀਰਤਨ ਅਤੇ ਖਾਲਸੇ ਦੇ ਜਨਮ ਦਿਵਸ ਸਬੰਧੀ ਜਾਣਕਾਰੀ ਦੇਣ ਦੀ ਕੋਸਿ਼ਸ਼ ਕੀਤੀ ਜਾਵੇ।

 

5. ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਕੀਰਤਨ ਵਾਲੇ ਦਿਨ ਪੂਰੇ ਰੂਟ ਅਤੇ ਰੂਟ ਨਾਲ ਜੁੜਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ ਦੀ ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਕਿਸੇ ਦੇ ਘਰ ਅੱਗੇ ਘਾਹ ਉਤੇ ਤੁਰਨ ਜਾਂ ਬੂਟੇ ਮਿੱਧਣ ਤੋਂ ਗੁਰੇਜ਼ ਕੀਤਾ ਜਾਵੇ।

 

6. ਪਾਰਕਿੰਗ ਸਹੀ ਥਾਂ `ਤੇ ਹੀ ਲਗਾਈ ਜਾਵੇ ਤਾਂ ਕਿ ਤੁਹਾਡੇ ਵਲੋਂ ਗਲਤ ਥਾਂ `ਤੇ ਲਗਾਈ ਗੱਡੀ ਕਾਰਨ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਤੁਹਾਡੀ ਗੱਡੀ ਟੋਅ ਹੋਣ ਤੋਂ ਵੀ ਬਚੀ ਰਹੇ।

 

7. ਨਗਰ ਕੀਰਤਨ ਦੇ ਰੂਟ `ਤੇ ਸਟੇਜਾਂ ਲਗਾਉਣ ਵਾਲੇ ਵੀਰਾਂ-ਭੈਣਾਂ ਅੱਗੇ ਬੇਨਤੀ ਹੈ ਕਿ ਸਪੀਕਰ ਦੀ ਆਵਾਜ਼ ਅਤੇ ਲੱਗਣ ਵਾਲਾ ਸੰਗੀਤ ਜ਼ਾਬਤੇ `ਚ ਰਹਿ ਕੇ ਹੀ ਲਗਾਇਆ ਜਾਵੇ।ਫਿਲਮੀ ਜਾਂ ਲੱਚਰ ਗੀਤ ਨਾ ਲਗਾਏ ਜਾਣ। ਮੁੱਖ ਫਲੋਟ ਲੰਘਣ ਮੌਕੇ ਸਪੀਕਰ ਬੰਦ ਕਰਕੇ ਆਪ ਵੀ ਅਤੇ ਦੂਜਿਆਂ ਨੂੰ ਵੀ ਕੀਰਤਨ ਸੁਣਨ ਦਾ ਮੌਕਾ ਦਿੱਤਾ ਜਾਵੇ।

 

8. ਲੰਗਰ ਦੇ ਸਟਾਲ ਲਗਾਉਣ ਵਾਲੇ ਸੇਵਾਦਾਰਾਂ ਦੇ ਚਰਨਾਂ `ਚ ਬੇਨਤੀ ਹੈ ਕਿ ਸਟਾਲ ਦੇ ਨਜ਼ਦੀਕ ਜੇਕਰ ਇੱਕ ਜਾਂ ਦੋ ਪੋਰਟੇਬਲ ਵਾਸ਼ਰੂਮ ਰਖਵਾਉਣ ਦਾ ਪ੍ਰਬੰਧ ਹੋ ਸਕੇ ਤਾਂ ਜ਼ਰੂਰ ਰਖਵਾਉਣ ਦੀ ਕ੍ਰਿਪਾਲਤਾ ਕਰਨੀ। ਨਗਰ ਕੀਰਤਨ ਲੰਘਣ ਉਪਰੰਤ ਸਾਰਾ ਗਾਰਬੇਜ ਬੈਗਾਂ `ਚ ਪਾ ਕੇ ਮੂੰਹ ਬੰਨ੍ਹ ਕੇ ਰੱਖਿਆ ਜਾਵੇ। ਜੇ ਆਪ ਚੁੱਕਣ ਦੀ ਵਿਵਸਥਾ ਨਹੀਂ ਹੈ ਤਾਂ ਉਥੇ ਹੀ ਬੈਗ ਮੂੰਹ ਬੰਨ੍ਹ ਕੇ ਰੱਖ ਦਿੱਤੇ ਜਾਣ, ਸੇਵਾਦਾਰ ਆਪ ਚੁੱਕ ਕੇ ਲੈ ਜਾਣਗੇ। ਗਾਰਬੇਜ ਅਤੇ ਰੀ-ਸਾਇਕਲ ਹੋਣ ਵਾਲੇ ਸਮਾਨ ਨੂੰ ਅੱਡ-ਅੱਡ ਪਾਇਆ ਜਾਵੇ। ਗਾਰਬੇਜ ਚੁੱਕਣ ਵਾਲੇ ਵਾਲੰਟੀਅਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਸਟਾਇਰੋਫੋਮ ਦੀਆਂ ਕੱਪ-ਪਲੇਟਾਂ ਨਾਲੋਂ ਕਾਗਜ਼ ਦੀਆਂ ਕੱਪ-ਪਲੇਟਾਂ ਵਰਤਣ ਨੂੰ ਤਰਜੀਹ ਦਿੱਤੀ ਜਾਵੇ, ਜੋਕਿ ਰੀ-ਸਾਇਕਲ ਕਰਨੀਆਂ ਸੌਖੀਆਂ ਹਨ। ਲੰਗਰ ਦੇ ਸਟਾਲ ਲਗਾਉਣ ਵਾਲੇ ਵੀਰ-ਭੈਣ ਵਰਤਾਉਣ ਅਤੇ ਖਾਣ ਵਾਲਿਆਂ ਦੇ ਹੱਥ ਧੋਣ ਲਈ ਸਾਫ ਪਾਣੀ ਦਾ ਪ੍ਰਬੰਧ ਜ਼ਰੂਰ ਕਰਨ। ਚੁੱਲ੍ਹੇ ਤੋਂ ਪਰੋਪੇਨ ਵਾਲਾ ਸਿਲੰਡਰ 25 ਫੁੱਟ ਦੂਰ ਹੋਣਾ ਚਾਹੀਦਾ ਹੈ। ਫਾਇਰ ਸੇਫਟੀ ਲਈ ਅੱਗ ਬੁਝਾਊ ਯੰਤਰ (ਫਾਇਰ ਐਕਸਟਿੰਗੁਸ਼ਅਰ) ਅਤੇ ਪਾਣੀ ਦੀਆਂ ਕੁਝ ਬਾਲਟੀਆਂ ਕੋਲ ਭਰ ਕੇ ਰੱਖੋ। ਫਰੇਜ਼ਰ ਹੈਲਥ ਅਥਾਰਿਟੀ ਦੇ ਅਧਿਕਾਰੀ ਤੁਹਾਡਾ ਸਟਾਲ ਆ ਕੇ ਚੈੱਕ ਕਰਨਗੇ।

 

9. ਪੁਲਿਸ ਵਲੋਂ ਹਦਾਇਤ ਕੀਤੀ ਗਈ ਹੈ ਕਿ ਬੱਚੇ ਆਪਣੇ ਛੋਟੇ ਮੋਟਰਸਾਇਕਲ ਜਾਂ ਜੀਪਾਂ ਆਦਿ ਨਗਰ ਕੀਰਤਨ ਵਿੱਚ ਨਾ ਲੈ ਕੇ ਆਉਣ। ਬੇਹੱਦ ਆਵਾਜ਼ ਅਤੇ ਧੂੰਆਂ ਛੱਡਣ ਵਾਲੇ ਮੋਟਰਸਾਇਕਲਾਂ ਦੇ ਲੱਗਣ `ਤੇ ਪਾਬੰਦੀ ਹੋਵੇਗੀ। ਮੋਟਰਸਾਇਕਲ ਸਵਾਰ ਤੋਂ ਬਗੈਰ ਹੋਰ ਕੋਈ ਮੋਟਰਸਾਇਕਲ `ਤੇ ਨਹੀਂ ਚੜ੍ਹ ਸਕੇਗਾ।

 

10. ਨਗਰ ਕੀਰਤਨ ਦੌਰਾਨ ਗੁਬਾਰੇ ਛੱਡਣ ਵਾਲੀਆਂ ਕੰਪਨੀਆਂ ਦੇ ਧਿਆਨ ਹਿਤ ਬੇਨਤੀ ਹੈ ਕਿ ਹਵਾ `ਚ ਗੈਸ ਵਾਲੇ ਗੁਬਾਰੇ ਨਾ ਛੱਡੇ ਜਾਣ, ਅਕਸਰ ਹੀ ਇਹ ਬਿਜਲੀ ਦੀਆਂ ਵੱਡੀਆਂ ਲਾਇਨਾਂ `ਚ ਫਸ ਜਾਂਦੇ ਹਨ, ਜਿਸ ਨਾਲ ਬੀ.ਸੀ. ਹਾਈਡਰੋ ਦੇ ਕੰਮ `ਚ ਕਾਫੀ ਵਿਘਨ ਪੈਂਦਾ ਹੈ। ਇਹ ਗੁਬਾਰੇ ਹਵਾਈ ਜਹਾਜ਼ ਦੇ ਰੇਡਾਰ ਸਿਸਟਮ `ਚ ਵੀ ਵਿਘਨ ਪਾਉਂਦੇ ਹਨ।

 

ਆਉ! ਆਪਾਂ ਸਾਰੇ ਇਸ ਨਗਰ ਕੀਰਤਨ ਦੀ ਸਫਲਤਾ ਲਈ ਰਲ ਮਿਲ ਕੇ ਕੰਮ ਕਰੀਏ।

Write A Comment